ਚਿਹਨ (ਅੰਗਰੇਜੀ: Sign) ਇੱਕ ਅਜਿਹੀ ਭਾਸ਼ਾਈ ਚੀਜ਼ ਜਾਂ ਘਟਨਾ ਹੈ ਜੋ ਕਿਸੇ ਵਸਤੂ ਜਾਂ ਵਰਤਾਰੇ ਦੀ ਤਰਫ ਸੰਕੇਤ ਕਰਦੀ ਹੈ ਅਰਥਾਤ ਚਿਹਨ ਖੁਦ ਆਪਣੇ ਅਤੇ ਵਸਤੂ ਦੇ ਵਿੱਚ ਸੰਬੰਧ ਹੁੰਦਾ ਹੈ। ਕਿਸੇ ਚਿਹਨ ਤੋਂ ਸਾਡੇ ਮਨ ਵਿੱਚ ਕੁੱਝ ਸੰਕਲਪ ਆਉਂਦੇ ਹਨ, ਜਿਹਨਾਂ ਨੂੰ ਪ੍ਰਤੀਕ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਗਾਂ ਸ਼ਬਦ ਇੱਕ ਚਿਹਨ ਹੈ ਕਿਉਂਕਿ ਗਾਂ ਸ਼ਬਦ ਨੂੰ ਪੜ੍ਹਕੇ ਜਾਂ ਸੁਣਕੇ ਸਾਡੇ ਮਨ ਵਿੱਚ ਕੁੱਝ ਸੰਕਲਪ ਆਉਂਦੇ ਹਨ। ਯਾਨੀ ਇਹ ਕਿ ਇਹ ਇੱਕ ਜਾਨਵਰ ਹੈ ਜਿਸਦੇ ਚਾਰ ਪੈਰ, ਦੋ ਕੰਨ, ਦੋ ਅੱਖਾਂ ਅਤੇ ਇੱਕ ਪੂਛ ਹੁੰਦੇ ਹਨ, ਆਦਿ। ਰਵਾਇਤੀ ਚਿਹਨ ਇਕਰਾਰ ਤੇ ਟਿਕਿਆ ਹੁੰਦਾ ਹੈ, ਜਿਵੇਂ ਵਿਸਰਾਮ ਚਿੰਨ੍ਹ ਵਾਕ ਦੀ ਸਮਾਪਤੀ ਦਾ ਚਿਹਨ ਹੈ। (ਇਹਦੇ ਟਾਕਰੇ ਤੇ ਪ੍ਰਤੀਕ ਕਿਸੇ ਐਸੇ ਸੰਕਲਪ ਦਾ ਚਿਹਨ ਹੁੰਦਾ ਹੈ ਜੋ ਉਸ ਸੰਕਲਪ ਦੇ ਰਾਹੀਂ ਕਿਸੇ ਹੋਰ ਸੰਕਲਪ ਵੱਲ ਸੰਕੇਤ ਕਰਦਾ ਹੋਵੇ, ਜਿਵੇਂ ਝੰਡਾ ਕਿਸੇ ਰਾਸ਼ਟਰ ਦਾ ਪ੍ਰਤੀਕ ਹੋ ਸਕਦਾ ਹੈ)।

'ਸਿਗਰਟ-ਬੀੜੀ ਪੀਣਾ ਵਰਜਿਤ ਹੈ' ਲਿਖਣ ਦੀ ਥਾਂ ਇਹ ਤਸਵੀਰ ਉਸੇ ਸੰਦੇਸ਼ ਦੀ ਵਾਹਕ ਹੈ

ਫਰਾਂਸੀਸੀ ਭਾਸ਼ਾ ਵਿਗਿਆਨੀ ਸਾਸਿਉਰ (Ferdinand De Saussure) ਨੇ ਵਿਵਸਥਿਤ ਰੁਪ ਵਿੱਚ ਪ੍ਰਤੀਕ ਦੀ ਅਵਧਾਰਣਾ ਪੇਸ਼ ਕੀਤੀ ਅਤੇ ਇਸਦਾ ਅਧਿਐਨ ਕਰਨ ਵਾਲੀ ਭਾਸ਼ਾ-ਵਿਗਿਆਨ ਦੀ ਸ਼ਾਖਾ ਨੂੰ ਚਿਹਨ-ਵਿਗਿਆਨ (Semiotics) ਕਿਹਾ। ਉਸ ਨੇ ਚਿਹਨ ਦੇ ਅੰਤਰਗਤ ਪ੍ਰਤੀਕ ਦੀ ਵਿਆਖਿਆ ਕੀਤੀ ਅਤੇ ਚਿਹਨ ਨੂੰ ਦੋ ਭਾਗਾਂ ਵਿੱਚ ਵੰਡਿਆ - ਚਿਹਨਕ ਅਤੇ ਚਿਹਨਤ। ਕੋਈ ਧੁਨੀ ਬਿੰਬ ਚਿਹਨਕ ਕਹਾਂਦਾ ਹੈ, ਜਿਵੇਂ - 'ਘਰ' ਸ਼ਬਦ ਵਿੱਚ /ਘ/-/ਰ/ ਇਹ ਦੋ ਧੁਨੀ ਇਕਾਈਆਂ ਹਨ ਜਾਂ ਅੱਖਰ ਹਨ। ਇਹੀ ਚਿਹਨਕ ਹੈ। 'ਘਰ' ਸ਼ਬਦ ਤੋਂ ਜੋ ਮਾਨਸਿਕ ਪ੍ਰਤੀਤੀ ਹੁੰਦੀ ਹੈ ਉਹ 'ਘਰ' ਦਾ ਚਿਹਨਤ ਹੈ। ਚਿਹਨਤ ਇੱਕ ਮਾਨਸਿਕ ਸੰਕਲਪ (Mental concept) ਹੈ। ਇਸਦੇ ਦੁਆਰਾ ਚਿਹਨ ਨੂੰ ਇੱਕ ਸੰਦਰਭ ਮਿਲਦਾ ਹੈ ਅਰਥਾਤ‍ ਚਿਹਨ ਕਿਸੇ ਸੰਦਰਭ ਦੇ ਨਾਲ ਜੁੜਕੇ ਪ੍ਰਤੀਕ ਬਣਦਾ ਹੈ। ਪਰ ਦਰਿਦਾ ਦਾ ਵਿਖੰਡਨਵਾਦੀ ਸਿੱਧਾਂਤ ਸਾਸਿਉਰ ਦੀ ਵਿਚਾਰਧਾਰਾ ਦਾ ਖੰਡਨ ਕਰਦਾ ਹੈ। ਦਰਿਦਾ ਦੇ ਅਨੁਸਾਰ ਕਿਸੇ ਚਿਹਨ ਦਾ ਆਖ਼ਰੀ ਅਰਥ ਕੋਈ ਨਹੀਂ ਹੁੰਦਾ ਸਗੋਂ ਇਹ ਤਾਂ ਚਿਹਨ ਤੋਂ ਚਿਹਨ ਤੱਕ ਪਹੁੰਚਣ ਦੀ ਪ੍ਰਕਿਰਿਆ ਮਾਤਰ ਹੁੰਦੀ ਹੈ।

  NODES
languages 1